Punjab

ਅਕਾਲ ਤਖ਼ਤ ਤੇ ਪਟਨਾ ਸਾਹਿਬ ਵਿਚਾਲੇ ਵਧਿਆ ਵਿਵਾਦ, ਜਥੇਦਾਰ ਗੜਗੱਜ ਤੇ ਟੇਕ ਸਿੰਘ ਤਨਖ਼ਾਹੀਆ ਕਰਾਰ

ਅੰਮ੍ਰਿਤਸਰ, 6 ਜੁਲਾਈ : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵਿੱਚ ਚੱਲ ਰਿਹਾ ਵਿਵਾਦ ਹੋਰ ਵੱਧਦਾ ਜਾ ਰਿਹਾ ਹੈ। ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਇੱਕ ਨਵਾਂ ਆਦੇਸ਼ ਜਾਰੀ ਕਰਦਿਆ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੋਲਾ ਪਹਿਲਾਂ ਹੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਤਨਖਾਹੀਆ ਐਲਾਨਿਆ ਗਿਆ ਹੈ। ਇਹਨਾਂ ਨੂੰ ਕੋਈ ਵੀ ਫੈਂਸਲੇ ਲੈਣ ਦਾ ਧਾਰਮਿਕ ਅਤੇ ਸੰਵਿਧਾਨਿਕ ਅਧਿਕਾਰ ਨਹੀਂ ਹੈI ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਨਿਚਰਵਾਰ ਨੂੰ ਹੋਏ ਆਦੇਸ਼ ਨੂੰ ਰੱਦ ਕਰ ਦਿੱਤਾ ਹੈ ਅਤੇ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਸਖਤ ਹਿਦਾਇਤ ਦਿੱਤੀ ਗਈ ਹੈ ਕਿ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਹੀਂ ਹੋਵੇਗੇ, ਜੇਕਰ ਕੋਈ ਪੇਸ਼ ਹੋਵੇਗਾ ਤਾਂ ਪਟਨਾ ਸਾਹਿਬ ਤੋਂ ਪੱਕਾ ਤਨਖਾਹੀਆ ਹੋ ਜਾਵੇਗਾ। ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਾਹਿਬਾਨ ਦੇ ਸਨਮੁਖ ਪੇਸ਼ ਹੋ ਕੇ ਅਾਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਗਿਆ ਸੀ। ਜਿਸ ਦਾ ਸਮਾਂ ਇਕ ਜੂਨ ਨੂੰ ਪੂਰਾ ਹੋਣ ਦੇ ਬਾਅਦ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਅਤੇ ਘੱਲੂਘਾਰਾ ਨੂੰ ਮੁੱਖ ਰੱਖਦਿਆਂ 10 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ। ਤੀਸਰੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਬੇਨਤੀ ਕਰਨ ਉਪਰੰਤ 20 ਦਿਨਾਂ ਦਾ ਸਮਾਂ ਹੋਰ ਦਿੱਤਾ ਗਿਆ। ਪਰ ਪੇਸ਼ ਨਹੀਂ ਹੋਏ ਜਿਸ ਕਰਕੇ 5 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ। ਇਸ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵੱਲੋਂ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਭਾਈ ਟੇਕ ਸਿੰਘ ਨੂੰ ਤਨਖਾਹੀਆ ਐਲਾਨ ਹੋਣ ਦੇ ਬਾਵਜੂਦ ਉਹ ਕਾਰਵਾਈ ਕਰਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਖ਼ਤ ਹਦਾਇਤ ਦਿੱਤੀ ਗਈ ਸੀ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਤਨਖਾਹੀਆ ਐਲਾਨ ਹੋਣ ਦੇ ਬਾਵਜੂਦ ਉਹ ਆਪਣੀ ਕਾਰਵਾਈਆ ਕਰ ਰਹੇ ਹਨ ਜਿਸ ਉਤੇ ਰੋਕ ਲਗਾਈ ਜਾਵੇ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਗਿਆ ਸੀ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ। ਪਰ ਐਸਜੀਪੀਸੀ ਵਲੋਂ ਕੋਈ ਵੀ ਠੋਸ ਕਰਵਾਈ ਨਹੀਂ ਕੀਤੀ ਗਈ। ਪਰ ਧਾਮੀ ਵਲੋਂ 20 ਦਿਨ ਬੀਤ ਜਾਣ ਦੇ ਬਾਅਦ ਵੀ ਸੁਖਬੀਰ ਸਿੰਘ ਬਾਦਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਨਹੀਂ ਹੋਏ। ਇਸ ਕਾਰਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਸਿੰਘ ਸਾਹਿਬਾਨ ਵੱਲ ਵਿਚਾਰ ਕਰਕੇ ਫੈਸਲਾ ਕੀਤਾ ਗਿਆ ਕਿ ਤਖਤ ਸਾਹਿਬ ਦੇ ਮਾਨ ਸਨਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਸੁਖਬੀਰ ਸਿੰਘ ਬਾਦਲ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਤਨਖਾਹੀਆ ਐਲਾਨ ਕਰ ਦਿੱਤਾ ਗਿਆ। ਇਸ ਦੇ ਬਾਅਦ ਭਾਈ ਕੁਲਦੀਪ ਸਿੰਘ ਗੜਗੱਜ ਨੇ ਗੈਰ ਸੰਵਿਧਾਨਿਕ ਆਦੇਸ਼ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਭਾਈ ਗੁਰਦਿਆਲ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ, ਡਾ. ਗੁਰਮੀਤ ਸਿੰਘ ਮੈਂਬਰ, ਹਰਪਾਲ ਸਿੰਘ ਜੋਹਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਕਿਉਂਕਿ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਭਾਈ ਟੇਕ ਸਿੰਘ ਪਹਿਲਾਂ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਤਨਖਾਹੀਆ ਐਲਾਨ ਕੀਤੇ ਜਾ ਚੁੱਕੇ ਹਨ। ਇਸ ਲਈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਹੁਦੇਦਾਰ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਦੇ ਸਬੰਧ ਵਿੱਚ ਫੈਂਸਲਾ ਲੈਣ ਦਾ ਧਾਰਮਿਕ ਅਤੇ ਸੰਵਿਧਾਨਿਕ ਅਧਿਕਾਰ ਨਹੀਂ ਹੈ। ਇਸ ਲਈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਗੰਭੀਰ ਵਿਚਾਰ ਕਰਨ ਉਪਰੰਤ ਸਰਬਸੰਮਤੀ ਇਸ ਨੂੰ ਮੁੱਢੋ ਹੀ ਰੱਦ ਕੀਤਾ ਜਾਂਦਾ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਨੂੰ ਸਖ਼ਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਾ ਜਾਵੇਗਾ ਅਤੇ ਨਾ ਹੀ ਪੇਸ਼ ਹੋਵੇਗਾ, ਜੇਕਰ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ਼ ਹੋਵੇਗਾ, ਉਹ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵੱਲੋਂ ਪੱਕਾ ਤਨਖਾਹੀਆ ਮੰਨਿਆ ਜਾਵੇਗਾ ਅਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇੰ ਭਾਈ ਦਲੀਪ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਪਰਸ਼ੁਰਾਮ ਸਿੰਘ ਤੇ ਭਾਈ ਅਮਰਜੀਤ ਸਿੰਘ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button