ਅਕਾਲੀ ਦਲ ਨੂੰ ਢਾਹ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਦਾ ਲਿਖਿਆ ਜਾ ਰਿਹਾ ਇਤਿਹਾਸ : ਛੋਟੇਪੁਰ

ਕਲਾਨੌਰ, 6 ਅਗਸਤ : ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਬਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ਼ੁਰੂ ਕੀਤੀ ਗਈ ਭਰਤੀ ਕੰਪਲੀਟ ਹੋ ਚੁੱਕੀ ਹੈ ਪਰ ਬੰਦ ਨਹੀਂ ਹੋਈ। ਅਕਾਲੀ ਦਲ ਦੀ ਮਜ਼ਬੂਤੀ ਲਈ ਭਰਤੀ ਚਾਲੂ ਰਹੇਗੀ ਅਤੇ 11 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ। ਛੋਟੇਪੁਰ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਭਰਤੀ ਆਧਾਰ ਕਾਰਡ ,ਵੋਟਰ ਕਾਰਡ ਅਤੇ ਮੋਬਾਇਲ ਨੰਬਰ ਦੇ ਜ਼ਰੀਏ ਨਾਲ ਘਰ -ਘਰ ਜਾ ਕੇ ਕੀਤੀ ਗਈ ਹੈ ਅਤੇ ਪੰਥ ਦਰਦੀਆਂ ਵਿੱਚ ਇਸ ਭਰਤੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਗਿਆ। ਇਸ ਮੌਕੇ ਪੱਤਰਕਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰਾਂ ਵੱਲੋਂ ਕਮੇਟੀ ਵਿੱਚ ਭਾਗ ਨਾ ਲੈਣ ਦਾ ਜਵਾਬ ਦਿੰਦਿਆਂ ਹੋਇਆਂ ਛੋਟੇਪੁਰ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਨੂੰ ਕੋਈ ਸਮਰਥਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਵੀ ਕਮੇਟੀ ਦੀ ਅਗਵਾਈ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ ਪਰ ਇਨ੍ਹਾਂ ਨੇ ਕੇਵਲ ਸੁਖਬੀਰ ਬਾਦਲ ਦੀ ਗੱਲ ਮੰਨੀ। ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਵਾਲਾ ਹੈ ਪਰੰਤੂ ਅਖੌਤੀ ਅਕਾਲੀਆਂ ਵਿੱਚ ਕੁਰਸੀ ਦੀ ਲਾਲਸਾ ਅਤੇ ਤਾਕਤ ਦੀ ਭੁੱਖ ਇੰਨੀ ਸਿਰ ਤੇ ਚੜ੍ਹ ਗਈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਪਿੱਠ ਦਿਖਾ ਦਿੱਤੀ। ਛੋਟੇਪੁਰ ਨੇ ਕਿਹਾ ਕਿ ਬਰਗਾੜੀ ਕਾਂਡ, ਸੌਦਾ ਸਾਧ ਦੀ ਮੁਆਫੀ ਅਤੇ ਸੌਦਾ ਸਾਧ ਦੀ ਮੁਆਫੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਮੁਆਫੀ ਦਾ ਪ੍ਰਚਾਰ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਖਤਾਂ ਦੇ ਜਥੇਦਾਰਾਂ ਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਤਖਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਰੱਦ ਅਤੇ ਸੰਤ ਸਮਾਜ ਦੀ ਹਾਜ਼ਰੀ ਤੋਂ ਬਿਨਾਂ ਹੀ ਰਾਤ ਵੇਲੇ ਜਥੇਦਾਰ ਨਿਯੁਕਤ ਕਰਨ ਵਾਲੇ ਦੁੱਖ ਭਰੇ ਸਮੇਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਇਤਿਹਾਸਕਾਰਾਂ ਵੱਲੋਂ ਆਪਣੀ ਕਲਮ ਨਾਲ ਲਿਖਿਆ ਜਾਵੇਗਾ। ਛੋਟੇਪੁਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਤੇ ਪਹਿਲਾਂ ਵੀ ਕਈ ਵਾਰ ਮੁਸ਼ਕਿਲਾਂ ਆਈਆਂ ਪਰੰਤੂ ਸਿੱਖ ਕੌਮ ਚੜ੍ਹਦੀ ਕਲਾਂ ਵਿੱਚ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਦੁਨੀਆਂ ਭਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਨੂੰ ਭਰਪੂਰ ਸਮਰਥਨ ਮਿਲਿਆ ਹੈ।



