
ਤਰਨਤਾਰਨ/ਬੀੜ ਸਾਹਿਬ, 21 ਜੁਲਾਈ : ਤਰਨਤਾਰਨ ਵਿਧਾਨ ਸਭਾ ਹਲਕੇ ਦੇ ਆਜ਼ਾਦ ਗਰੁੱਪ ਵੱਲੋਂ ਐਤਵਾਰ ਨੂੰ ਕਸਬਾ ਝਬਾਲ ਦੀ ਅਨਾਜ ਮੰਡੀ ’ਚ ਰੱਖੀ ਗਈ ਵਿਸ਼ਾਲ ਸਿਆਸੀ ਕਾਨਫਰੰਸ ਦੌਰਾਨ ਸਮੁੱਚੇ ਗਰੁੱਪ ਨੂੰ ਅਕਾਲੀ ਦਲ ’ਚ ਸ਼ਾਮਲ ਕਰਨ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਜ਼ਿਮਨੀ ਚੋਣ ਦਾ ਬਿਗੁਲ ਵਜਾ ਦਿੱਤਾ ਹੈ, ਉੱਥੇ ਹੀ ਕਿਹਾ ਕਿ 2015 ’ਚ ਕਰਵਾਈਆਂ ਬੇਅਦਬੀ ਦੀਆਂ ਘਟਨਾਵਾਂ ਇਸ ਗੱਲ ਦਾ ਗਵਾਹ ਹਨ, ਕਿ ਪੰਜਾਬ ਦੀ ਇੱਕੋ ਇਕ ਖੇਤਰੀ ਪਾਰਟੀ ਨੂੰ ਕਮਜ਼ੋਰ ਕਰ ਕੇ ਸੂਬੇ ਨੂੰ ਲੁੱਟਣ ਲਈ ਬਾਹਰੀ ਤਾਕਤਾਂ ਨੂੰ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਨੂੰ ਲੁੱਟਣ ਤੋਂ ਬਚਾਉਣਾ ਹੈ ਤਾਂ ਪੰਜਾਬੀਆਂ ਨੂੰ ਇਕ ਜੁੱਟ ਹੋਣਾ ਹੀ ਪਵੇਗਾ। ਉਨ੍ਹਾਂ ਨੇ ਜ਼ਿਮਨੀ ਚੋਣ ਲਈ ਪਾਰਟੀ ਨੂੰ ਸਰਗਰਮ ਕਰਦਿਆਂ ਆਜ਼ਾਦ ਗਰੁੱਪ ਦੀ ਮੁਖੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਜਿੱਥੇ ਹਲਕੇ ਦਾ ਇੰਚਾਰਜ ਐਲਾਨਿਆ, ਉੱਥੇ ਹੀ ਕਿਹਾ ਕਿ ਬੀਬੀ ਰੰਧਾਵਾ ਹੀ ਜ਼ਿਮਨੀ ਚੋਣ ਦੌਰਾਨ ਪਾਰਟੀ ਦੇ ਉਮੀਦਵਾਰ ਹੋਣਗੇ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਗਵਾਈ ਕਰਨ ਵਾਲੀ ਇਕਲੌਤੀ ਪਾਰਟੀ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਲੁੱਟਣ ਲਈ ਪੱਬਾਂ ਭਾਰ ਬਾਹਰਲੀਆਂ ਤਾਕਤਾਂ ਦਾ ਟਾਕਰਾ ਕਰਨ ਲਈ ਪਾਰਟੀ ਦੇ ਬੈਨਰ ਹੇਠ ਇਕਜੁੱਟ ਹੋਣ। ਕਿਉਂਕਿ ਇਨ੍ਹਾਂ ਤਾਕਤਾਂ ਨੇ ਹੀ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ ਤਾਂ ਜੋ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਬੇਅਦਬੀ ਕੇਸਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਕਿਉਂਕਿ ਇਹ ਮਹਿਸੂਸ ਕਰਦੀ ਹੈ ਕਿ ਸਿਰਫ ਇਕ ਨਿਰਪੱਖ ਜਾਂਚ ਹੀ ਇਨ੍ਹਾਂ ਘਟਨਾਵਾਂ ਵਿਚ ਆਪ ਦੀ ਭੂਮਿਕਾ ਬੇਨਕਾਬ ਕਰ ਸਕਦੀ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ 10 ਸਾਲਾਂ ’ਚ ਕਿਸੇ ਵੀ ਅਕਾਲੀ ਵਰਕਰ ’ਤੇ ਬੇਅਦਬੀ ਦੇ ਦੋਸ਼ ਨਹੀਂ ਲੱਗੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਅਰਵਿੰਦ ਕੇਜਰੀਵਾਲ, ਜੋ ਸੂਬੇ ਦਾ ਅਸਿੱਧੇ ਤੌਰ ’ਤੇ ਮੁੱਖ ਮੰਤਰੀ ਬਣਿਆ ਹੋਇਆ ਹੈ ਤੋਂ ਬਚਾਉਣ ਲਈ ਲੋਕ ਅੱਗੇ ਆਉਣ। ਬਾਦਲ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ’ਚ ਆਪ ਦੀ ਭੂਮਿਕਾ ਇਨ੍ਹਾਂ ਦੇ ਵਿਧਾਇਕ ਨੂੰ ਕੁਰਾਨ ਸ਼ਰੀਫ ਦੀ ਬੇਅਦਬੀ ’ਚ ਦੋਸ਼ੀ ਠਹਿਰਾਏ ਜਾਣ ਤੋਂ ਹੀ ਸਪੱਸ਼ਟ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਦੇ ਦੋ ਮੰਤਰੀਆਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਪਰਾਧ ਦੋਗੁਣਾ ਹੋ ਗਿਆ। ਉਨ੍ਹਾਂ ਕਿਹਾ ਕਿ ਆਪ ਵੱਲੋਂ ਬੇਅਦਬੀ ਦੇ ਦੋਸ਼ੀ ਦਾ ਬਚਾਅ ਕਰਨ ਦੇ ਯਤਨ ਇਥੇ ਹੀ ਨਹੀਂ ਰੁਕੇ ਬਲਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਰੇਸ਼ ਯਾਦਵ ਨੂੰ ਉਦੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਸੈਸ਼ਨਜ਼ ਅਦਾਲਤ ਨੂੰ ਇਹ ਲਿਖਵਾਇਆ ਕਿ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਵਾਪਸ ਲੈ ਲਈ ਹੈ। ਉਨ੍ਹਾਂ ਕਿਹਾ ਕਿ ਬਾਅਦ ’ਚ ਕੇਜਰੀਵਾਲ ਨੇ ਯਾਦਵ ਨੂੰ ਪਿਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਮਹਿਰੌਲੀ ਤੋਂ ਮੁੜ ਪਾਰਟੀ ਉਮੀਦਵਾਰ ਐਲਾਨ ਦਿੱਤਾ। ਬਾਦਲ ਨੇ ਇਕੱਠ ਨੂੰ ਇਹ ਵੀ ਦੱਸਿਆ ਕਿ ਕਿਵੇਂ ਪਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਲ ਹੀ ’ਚ ਮੰਨਿਆ ਹੈ ਕਿ ਪਿਛਲੀ ਕਾਂਗਰਸ ਸਰਕਾਰ ਦਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਸਨੇ ਸਿਰਫ ਮਾਮਲੇ ’ਤੇ ਰਾਜਨੀਤੀ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ 40 ਹਜ਼ਾਰ ਏਕੜ ਉਪਜਾਊ ਜ਼ਮੀਨ ਬਿਲਡਰਾਂ ਨੂੰ ਦੇਣ ਵਾਸਤੇ ਸਮਝੌਤਾ ਕੀਤਾ ਹੈ। ਅਜਿਹਾ ਚੋਣਾਂ ਲੜਨ ਲਈ ਪੈਸੇ ਇਕੱਠੇ ਕਰਨ ਵਾਸਤੇ ਕੀਤਾ ਗਿਆ ਤਾਂ ਜੋ ਆਪ ਦੇ ਕੇਂਦਰੀ ਭੰਡਾਰ ਨੂੰ ਪੈਸੇ ਨਾਲ ਭਰਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਇਸ ਸਾਜ਼ਿਸ਼ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ ਤੇ ਇਸ਼ ਸਰਕਾਰ ਨੂੰ ਇਕ ਇੰਚ ਵੀ ਥਾਂ ਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਵਰਕਿੰਗ ਕਮੇਟੀ ਮੈਂਬਰ ਗੌਰਵ ਵਲਟੋਹਾ, ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ, ਗੁਰਬਚਨ ਸਿੰਘ ਕਰਮੂਵਾਲ, ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਗਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ। ਸੂਬੇ ਦੀ ਇੱਕੋ ਇਕ ਖੇਤਰੀ ਪਾਰਟੀ ਅਕਾਲੀ ਦਲ ਦਾ ਤੱਕੜਾ ਹੋਣਾ ਬਹੁਤ ਜ਼ਰੂਰੀ ਹੈ।



