ਅਕਾਲੀ ਦਲ ਦੇ ਮਾਮਲੇ ਵਿਚ ਫੈਸਲਾ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ – ਜਥੇਦਾਰ

ਅੰਮ੍ਰਿਤਸਰ, 6 ਅਗਸਤ : ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਹੋਏ ਫੈਂਸਲੇ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸਭਾਵਾਂ, ਸਿੱਖ ਸਿਆਸੀ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਵਿੱਚ ਪੁੱਜੀਆਂ ਸ਼ਿਕਾਇਤਾਂ ਕਿ, “ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਅਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ” – ਜਿਸ ਦਾ ਮਾਮਲਾ ਵਿਚਾਰਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਵੱਖਰੇ ਚੁੱਲ੍ਹੇ ਸਮੇਟ ਕੇ ਇਕਜੁੱਟ ਹੋਣ। ਇਸ ਸਬੰਧੀ ਹੁਣ ਤਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜਾ ਹੈ। ਜੇਕਰ 2 ਦਸੰਬਰ 2024 ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇੰਨ-ਬਿੰਨ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ-ਆਪਣੀ ਸਿਆਸਤ ਮੁਬਾਰਕ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਸੰਗਤ ਵਿੱਚ ਭਰਮ-ਭੁਲੇਖੇ ਪੈਦਾ ਨਾ ਕੀਤੇ ਜਾਣ। ਕਿਉਂਕਿ ਵੱਖੋ-ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਦੀਰਘ ਵਿਚਾਰ ਵਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ। ਖ਼ਾਲਸਾ ਪੰਥ ਦੇ ਵਡੇਰੇ ਹਿਤਾਂ, ਪੰਜਾਬ ਦੀ ਜ਼ਮੀਨ ਨੂੰ ਬਚਾਉਣ, ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ, ਮੌਜੂਦਾ ਤਕਨੀਕੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਯੁੱਗ ਅੰਦਰ ਸਿੱਖ ਇਤਿਹਾਸ, ਸਿਧਾਂਤ ਅਤੇ ਪਾਵਨ ਗੁਰਬਾਣੀ ਨਾਲ ਛੇੜਛਾੜ ਅਤੇ ਦੇਸ਼-ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਨੂੰ ਨਜਿੱਠਣ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਲਾਮਬੰਦੀ ਕਰਕੇ ਇਕਜੁੱਟ ਹੋ ਕੇ ਚਲਣ।ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ , ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਕੇਵਲ ਸਿੰਘ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਮੰਗਲ ਸਿੰਘ ਸ਼ਾਮਿਲ ਸਨ |



